ਅਕਾਲ ਚਲਾਣਾ ਕਰ ਗਏ ਕਸ਼ਯਪ ਸਮਾਜ ਦੇ ਬਾਬਾ ਬੋਹੜ - ਬਾਊ ਖੁਸ਼ੀ ਰਾਮ
ਲੁਧਿਆਣਾ, 3-8-2020 (ਕ.ਕ.ਪ.) – ਕਸ਼ਯਪ ਸਮਾਜ ਦੇ ਬਾਬਾ ਬੋਹੜ ਅਖਵਾਉਣ ਵਾਲੇ ਬਜੁਰਗ ਨੇਤਾ ਅਤੇ ਨਿਸ਼ਕਾਮ ਸਮਾਜ ਸੇਵਕ ਬਾਊ ਖੁਸ਼ੀ ਰਾਮ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 3-8-2020 ਨੂੰ ਰੱਖੜੀ ਵਾਲੇ ਦਿਨ ਅਕਾਲ ਚਲਾਣਾ ਕਰ ਗਏ। ਖੁਸ਼ੀ ਰਾਮ ਜੀ ਪਿਛਲੇ 4-5 ਦਿਨਾਂ ਤੋਂ ਬਿਮਾਰ ਸੀ। ਉਹਨਾਂ ਸਵੇਰੇ 11.30 ਵਜੇ ਦੇ ਲਗਭਗ ਆਪਣੀ ਜਿੰਦਗੀ ਦੀਆਂ ਆਖਰੀ ਸਾਹਾਂ ਲਈਆਂ। ਉਹਨਾਂ ਦਾ ਅੰਤਮ ਸੰਸਕਾਰ ਇਸੇ ਦਿਨ ਸ਼ਾਮ ਨੂੰ ਕਰ ਦਿੱਤਾ ਗਿਆ। ਸੰਸਕਾਰ ਦੇ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਮੌਜੂਦ ਸਨ।
ਸਮਾਜ ਦੀ ਜਾਣਕਾਰੀ ਲਈ ਦੱਸ ਰਹੇ ਹਾਂ ਕਿ ਖੁਸ਼ੀ ਰਾਮ ਜੀ ਨੇ ਆਪਣੀ ਸਾਰੀ ਜਿੰਦਗੀ ਕਸ਼ਯਪ ਸਮਾਜ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਕਰ ਦਿੱਤੀ ਸੀ। ਬਹੁਤ ਸਾਰੀਆਂ ਸਭਾਵਾਂ ਅਤੇ ਸੰਸਥਾਵਾਂ ਨੂੰ ਬਨਾਉਣ ਅਤੇ ਚਲਾਉਣ ਵਿਚ ਉਹਨਾਂ ਅਹਿਮ ਰੋਲ ਨਿਭਾਇਆ। ਉਹ ਪੰਜਾਬ ਕਸ਼ਯਪ ਰਾਜਪੂਤ ਸਭਾ ਦੇ ਪ੍ਰਧਾਨ ਵੀ ਰਹੇ। ਇਸ ਸਮੇਂ ਉਹ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਸਰਪ੍ਰਸਤ ਸੀ। ਇਸ ਟਰੱਸਟ ਨੂੰ ਬਨਾਉਣ ਵਿਚ ਉਹਨਾਂ ਬਹੁਤ ਵੱਡਾ ਯੋਗਦਾਨ ਦਿੱਤਾ। ਹਰਿਦੁਆਰ ਵਿਖੇ ਬਣੀ ਹੋਈ ਕਸ਼ਯਪ ਸਮਾਜ ਧਰਮਸ਼ਾਲਾ ਦੇ ਵੀ ਸੰਸਥਾਪਕ ਸਰਪ੍ਰਸਤ ਸੀ। ਇਸ ਧਰਮਸ਼ਾਲਾ ਦੀ ਜਮੀਨ ਖਰੀਦਣ ਅਤੇ ਬਨਾਉਣ ਵਿਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਹਨਾਂ ਦੀ ਪ੍ਰੇਰਣਾ ਸਦਕਾ ਹੀ ਲੁਧਿਆਣਾ ਦੇ ਮਸ਼ਹੂਰ ਡੋਗਰਾ ਢਾਬਾ ਦੇ ਮਾਲਕ ਸ਼੍ਰੀ ਬਾਲ ਕ੍ਰਿਸ਼ਨ ਡੋਗਰਾ ਨੇ ਧਰਮਸ਼ਾਲਾ ਬਨਾਉਣ ਲਈ ਉਸ ਸਮੇਂ ਸਭ ਤੋਂ ਵੱਧ ਯੋਗਦਾਨ ਦਿੱਤਾ। ਖੁਸ਼ੀ ਰਾਮ ਜੀ ਨੇ ਹਰਿਦੁਆਰ ਦੀ ਕਮੇਟੀ ਨੂੰ ਸਾਰੇ ਪੰਜਾਬ ਵਿਚ ਕਸ਼ਯਪ ਸਮਾਜ ਨਾਲ ਮਿਲਾਇਆ ਅਤੇ ਜੋੜਿਆ। ਉਹ ਹਰ ਸਾਲ ਹਰਿਦੁਆਰ ਧਰਮਸ਼ਾਲਾ ਦੇ ਹੋਣ ਵਾਲਾ ਸਲਾਨਾ ਪ੍ਰੋਗਰਾਮ ਵਿਚ ਸ਼ਾਮਲ ਹੁੰਦੇ ਰਹੇ।
ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਵੱਲੋਂ ਉਹਨਾਂ ਨੂੰ ਸਲਾਨਾ ਪਰਿਵਾਰ ਸੰਮੇਲਨ ਵਿਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਆਪਣੀ ਵਿਆਹੁਤਾ ਜਿੰਦਗੀ ਦੀ 50ਵੇਂ ਵਰੇਗੰਡ ਪੂਰੀ ਕਰਨ ਤੇ ਕਸ਼ਯਪ ਕ੍ਰਾਂਤੀ ਟੀਮ ਵੱਲੋਂ ਹੀ ਉਹਨਾਂ ਨੂੰ ਪਰਿਵਾਰ ਸੰਮੇਲਨ ਵਿਚ ਸਨਮਾਨਤ ਕੀਤਾ ਗਿਆ ਸੀ। ਕਸ਼ਯਪ ਕ੍ਰਾਂਤੀ ਦੇ ਸੰਸਥਾਪਕ ਸਵਰਗਵਾਸੀ ਸ਼੍ਰੀ ਮੇਜਰ ਸਿੰਘ ਨਾਲ ਉਹਨਾਂ ਦਾ ਖਾਸ ਪਿਆਰ ਸੀ ਅਤੇ ਇਸ ਤੋਂ ਬਾਅਦ ਕਸ਼ਯਪ ਕ੍ਰਾਂਤੀ ਦੇ ਮਾਲਕ ਸ਼੍ਰੀ ਨਰਿੰਦਰ ਕਸ਼ਯਪ ਜੀ ਨਾਲ ਵੀ ਉਹਨਾਂ ਦਾ ਪਰਿਵਾਰਕ ਸੰਬੰਧ ਸੀ।
ਖੁਸ਼ੀ ਰਾਮ ਜੀ ਦੇ ਅਕਾਲ ਚਲਾਣੇ ਨਾਲ ਕਸ਼ਯਪ ਸਮਾਜ ਨੂੰ ਬਹੁਤ ਘਾਟਾ ਹੋਇਆ ਹੈ। ਉਹਨਾਂ ਦੀਆਂ ਕਸ਼ਯਪ ਸਮਾਜ ਪ੍ਰਤੀ ਸੇਵਾਵਾਂ ਲਈ ਸਮਾਜ ਸਦਾ ਉਹਨਾਂ ਦਾ ਧੰਨਵਾਦੀ ਰਹੇਗਾ। ਅਦਾਰਾ ਕਸ਼ਯਪ ਕ੍ਰਾਂਤੀ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਆਪਣੇ ਸਮਾਜ ਦੇ ਇਸ ਬਾਬਾ ਬੋਹੜ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਖੁਸ਼ੀ ਰਾਮ ਜੀ ਦੀ ਆਤਮਾ ਨੂੰ ਆਪਣੇ ਚਰਣਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬੱਲ ਬਖਸ਼ੇ।