ਬਾਬਾ ਮੋਤੀ ਰਾਮ ਮਹਿਰਾ ਦੀ ਲਾਸਾਨੀ ਸ਼ਹੀਦੀ ਨੂੰ ਜਸਪਾਲ ਸਿੰਘ ਕਲੌਂਧੀ ਦੇ ਪਰਿਵਾਰ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ

ਦੂਜੇ ਦਿਨ ਸਮਾਗਮ ਦੇ ਮੁੱਖ ਮਹਿਮਾਨ ਬਨਣ ਤੇ ਟਰੱਸਟ ਵੱਲੋਂ ਕੀਤਾ ਗਿਆ ਸਨਮਾਨ

ਮੁੱਖ ਮਹਿਮਾਨ ਸ. ਜਸਪਾਲ ਸਿੰਘ ਕਲੋਂਧੀ ਨੂੰ ਸਨਮਾਮਤ ਕਰਦੇ ਹੋਏ ਟਰੱਸਟ ਦੇ ਅਹੁਦੇਦਾਰ

ਫਤਿਹਗੜ ਸਾਹਿਬ. 26-12-2020 (ਕ.ਕ.ਪ.) – ਪੋਹ ਮਹੀਨੇ ਦੀ ਹੱਡ ਕੰਬਾਉਣ ਵਾਲੀ ਠੰਡ ਵਿਚ ਠੰਡੇ ਬੁਰਜ ਵਿਚ ਕੈਦ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ, ਛੋਟੇ ਸਾਹਿਬਜਾਦੇ ਬਾਬਾ ਫਤਿਹ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਨੂੰ ਤਿੰਨ ਰਾਤਾਂ ਗਰਮ ਦੁੱਧ ਅਤੇ ਜਲ ਦੀ ਸੇਵਾ ਕਰਨ ਵਾਲੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਛੋਟੇ ਸਾਹਿਬਜਾਦਿਆਂ, ਮਾਤਾ ਗੁਜਰ ਕੌਰ ਅਤੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿਚ ਚੱਲ ਰਹੇ 4 ਦਿਨਾਂ ਦੇ ਸਲਾਨਾ ਸ਼ਹੀਦੀ ਜੋੜ ਮੇਲੇ ਦੌਰਾਨ ਇਹਨਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ ਜਾ ਰਿਹਾ ਹੈ। ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿਚ ਬਣੇ ਮੈਮੋਰੀਅਲ ਚੈਰੀਟੇਬਲ ਟਰੱਸਟ ਵਿਖੇ ਜੋੜ ਮੇਲੇ ਦੇ ਦੂਸਰੇ ਦਿਨ ਸ. ਜਸਪਾਲ ਸਿੰਘ ਕਲੌਂਧੀ ਪਰਿਵਾਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਇਸ ਮੌਕੇ ਟਰੱਸਟ ਵਿਚ ਸੇਵਾ ਲਈ 11000/- ਦਾ ਸਹਿਯੋਗ ਦਿੱਤਾ।
ਟਰੱਸਟ ਦੇ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਨੇ ਟਰੱਸਟ ਦੀ ਟੀਮ ਨਾਲ ਇਹਨਾਂ ਦਾ ਸਨਮਾਨ ਕੀਤਾ। ਇਸ ਮੌਕੇ ਬੋਲਦੇ ਹੋਏ ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਦਸ਼ਮੇਸ਼ ਪਿਤਾ ਵੱਲੋਂ ਬਖਸ਼ੀ ਗਈ ਵਿਰਾਸਤ ਅਤੇ ਬਾਣੇ ਨੂੰ ਸੰਭਾਲਣ ਦੀ ਜਰਰੂਤ ਹੈ। ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਨੂੰ ਹੁਣ ਸਾਰੀ ਦੁਨੀਆ ਵਿਚ ਪ੍ਰਚਾਰ ਮਿਲ ਰਿਹਾ ਹੈ ਅਤੇ ਸੰਗਤਾਂ ਵੱਲੋਂ ਇਸ ਮਹਾਨ ਸ਼ਹੀਦੀ ਨੂੰ ਸਮਰਪਿਤ ਦੁੱਧ ਦੇ ਲੰਗਰ ਲਗਾਏ ਜਾ ਰਹੇ ਹਨ। ਸਿੱਖ ਇਤਿਹਾਸ ਵਿਚ ਕਸ਼ਯਪ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਛੋਟੇ ਸਾਹਿਬਜਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਇਥੇ ਨਤਮਸਤਕ ਹੋ ਰਹੇ ਹਨ। ਇਤਿਹਾਸ ਵਿਚ ਅਜਿਹੀ ਮਹਾਨ ਸ਼ਹੀਦੀ ਕਿਤੇ ਵੀ ਹੋਰ ਨਹੀ ਹੈ।
ਉਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਸ਼੍ਰੀ ਕਿਰਨਪਾਲ ਕਸ਼ਯਪ ਨੇ ਆਪਣੇ ਸਾਥੀਆਂ ਸਮੇਤ ਬਾਬਾ ਮੋਤੀ ਰਾਮ ਮਹਿਰਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹ ਹਰ ਸਾਲ ਇਥੇ ਆਪਣੇ ਸਾਥੀਆਂ ਨਾਲ ਜਰੂਰ ਹਾਜਰੀ ਲਗਵਾਉਂਦੇ ਹਨ। ਅੱਜ ਦ ਚੰਡੀਗੜ ਕਸ਼ਯਪ ਰਾਜਪੂਤ ਸਭਾ ਦੀ ਟੀਮ ਨੇ ਵੀ ਇਥੇ ਹਾਜਰੀ ਲਗਵਾਈ। ਇਸ ਤੋਂ ਅਲਾਵਾ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਸ਼੍ਰੀ ਸੁਸ਼ੀਲ ਕਸ਼ਯਪ, ਜਗਦੀਪ ਕੁਮਾਰ ਬੱਬੂ, ਜਗਦੀਸ਼ ਸਿੰਘ ਲਾਟੀ ਅਤੇ ਰਾਜ ਕੁਮਾਰ ਕਸ਼ਯਪ ਨੇ ਵੀ ਬਾਬਾ ਜੀ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦੇ ਹੋਏ ਹਾਜਰੀ ਭਰੀ। ਇਸਦੇ ਨਾਲ ਹੀ ਕਸ਼ਯਪ ¬ਕ੍ਰਾਂਤੀ ਦੇ ਪ੍ਰਮੱਖ ਅਤੇ ਟਰੱਸਟ ਦੇ ਮੀਡੀਆ ਇੰਚਾਰਜ ਸ਼੍ਰੀ ਨਰਿੰਦਰ ਕਸ਼ਯਪ ਵੀ ਸ਼ਹੀਦ ਜੋੜ ਮੇਲੇ ਦੀ ਕਵਰੇਜ ਲਈ ਪਹੁੰਚੇ। ਟਰੱਸਟ ਵੱਲੋਂ ਸਾਰੇ ਪਤਵੰਤੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸੰਗਤ ਵੱਲੋਂ ਗਰਮ ਦੁੱਧ ਦੀ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਰਾਗ, ਕਵੀਸ਼ਰੀ ਅਤੇ ਢਾਡੀ ਜੱਥਿਆਂ ਵੱਲੋਂ ਲਗਾਤਾਰ ਗੁਰੂ ਘਰ ਦੇ ਇਤਿਹਾਸ, ਗੁਰੂ ਗੋਬਿੰਦ ਸਿੰਘ ਜੀ ਦੇ ਮਾਨਵਤਾ ਵਾਲੇ ਸੰਦੇਸ਼, ਪਰਿਵਾਰ ਸ਼ਹਾਦਤ ਅਤੇ ਬਾਬਾ ਮੋਤੀ ਰਾਮ ਮਹਿਰਾ ਵੱਲੋਂ ਕੀਤੀ ਗਈ ਸੇਵਾ ਬਾਰੇ ਸੰਗਤ ਨੂੰ ਦੱਸਿਆ ਜਾ ਰਿਹਾ ਹੈ। ਟਰੱਸਟ ਵੱਲੋਂ ਚੇਅਰਮੈਨ ਨਿਰਮਲ ਸਿੰਘ ਦੀ ਅਗਵਾਈ ਹੇਠ ਸਮੁੱਚੀ ਟੀਮ ਜਿਹਨਾਂ ਵਿਚ ਸੀਨੀਅਰ ਵਾਈਸ ਚੇਅਰਮੈਨ ਸੁਖਦੇਵ ਸਿੰਘ ਰਾਜ, ਬਲਵੀਰ ਸਿੰਘ ਬੱਬੂ, ਡਾ. ਪੇ੍ਰਮ ਸਿੰਘ, ਗੁਰਦੇਵ ਸਿੰਘ ਨਾਭਾ, ਰਾਜ ਕੁਮਾਰ ਪਾਤੜਾ, ਅਮੀ ਚੰਦ, ਬਲਦੇਵ ਸਿੰਘ ਦੁਸਾਂਝ, ਤਲਵਿੰਦਰ ਸਿੰਘ, ਬਨਾਰਸੀ ਦਾਸ, ਜੈ ਕ੍ਰਿਸ਼ਨ (ਰਿਟਾ. ਡੀ.ਪੀ.ਆਰ.ਓ.), ਮੈਨੇਜਰ ਨਵਜੋਤ ਸਿੰਘ, ਜੋਗਿੰਦਰ ਪਾਲ, ਤਰਸੇਮ ਸਿੰਘ, ਰਾਮ ਸਿੰਘ ਨਡਿਆਲੀ ਆਦਿ ਮੈਂਬਰ ਪੂਰੇ ਜਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਇਸ ਮੌਕੇ ਹਾਜਰੀ ਲਗਵਾਉਣ ਵਾਲੀ ਸੰਗਤ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਸ਼ਹਾਦਤ ਅਤੇ ਇਤਿਹਾਸ ਨਾਲ ਭਰੀ ਹੋਈ ਸੰਨ 2021 ਦੀ ਜੰਤਰੀ ਵੀ ਭੇਂਟ ਕੀਤੀ ਜਾ ਰਹੀ ਹੈ।